ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ਵਿਖੇ ਪੱਤਰਕਾਰ ਨਲਿਨ ਅਚਾਰੀਆ ਨੂੰ ਅੰਤਿਮ ਵਿਦਾਇਗੀ ਦੇ ਦਿੱਤੀ ਗਈ। ਮਿੱਤਰ ਸਨੇਹੀਆਂ ਯਾਰਾ ਦੋਸਤਾ ਦਾ ਦੋਸਤ ਖੁਸ਼ ਮਿਜਾਜ ਨਲਿਨ ਅਚਾਰੀਆ ਅੱਜ ਆਪਣਾ ਜੀਵਨ ਸਫਰ ਤੈਅ ਕਰ ਗਿਆ। ਨਾ ਮੁਰਾਦ ਬਿਮਾਰੀ ਨਾਲ ਜੂਝਦੇ ਨਾਲੇ ਨਲਿਨ ਅਚਾਰੀਆ ਨੇ ਅੱਜ ਆਪਣੇ ਆਖਰੀ ਸਵਾਸ ਤੜਕੇ ਸਵੇਰੇ ਪੀਜੀਆਈ ਵਿਖੇ ਹੀ ਲਏ। ਸ਼ਮਸ਼ਾਨ ਘਾਟ ਵਿੱਚ ਆਪ ਮੁਹਾਰੇ ਮਿੱਤਰ ਸਨਈਆ ਦੇ ਇਕੱਠ ਤੋਂ ਨਲਿਨ ਅਚਾਰੀਆ ਦੇ ਸਮਾਜ ਵਿੱਚ ਵਿਚਰਨ ਦਾ ਸੁਭਾਅ ਸਾਫ ਸਾਫ ਨਜ਼ਰ ਆ ਰਿਹਾ ਸੀ ਕਿ ਉਹ ਸਮਾਜ ਵਿੱਚ ਕਿੰਨਾ ਕੁ ਹਰਮਨ ਪਿਆਰਾ ਸੀ ਸ਼ਮਸ਼ਾਨਘਾਟ ਵਿੱਚ ਇਹੀ ਚਰਚਾ ਤਕਰੀਬਨ ਹਰ ਇੱਕ ਦੇ ਜੁਬਾਨ ਤੇ ਸੀ ਕਿ ਉਸ ਦੇ ਮੂੰਹ ਤੋਂ ਨਾ ਨਹੀਂ ਨਿਕਲਿਆ ਕਰਦੀ ਸੀ ਜਦੋਂ ਵੀ ਕਿਸੇ ਨੇ ਉਸ ਨੂੰ ਕੋਈ ਕੰਮ ਕਹਿ ਦਿੱਤਾ।
ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਨੇ ਆਪਣੇ ਵਿਚਾਰ ਪੱਤਰਕਾਰ ਨਲਿਨ ਅਚਾਰੀਆ ਸਬੰਧੀ ਇੱਕ ਗਰੁੱਪ ਵਿੱਚ ਸ਼ੇਅਰ ਕੀਤੇ ਹਨ ਉਸ ਨੂੰ ਅਸੀਂ ਹੂਬਹੂ ਕੌਮੀ ਮਾਰਗ ਦੇ ਪਾਠਕਾਂ ਲਈ ਸ਼ੇਅਰ ਕਰ ਰਹੇ ਹਾਂ ।
ਦਰਵੇਸ਼ ਪੱਤਰਕਾਰ ਨਲਿਨ ਅਚਾਰੀਆ ਨੂੰ ਬਹੁਤ ਵੱਡੀ ਗਿਣਤੀ ਵਿੱਚ ਪੱਤਰਕਾਰਾਂ , ਸਨੇਹੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕਰਕੇ ਭਾਵਭਿੰਨੀ ਅੰਤਿਮ ਵਿਦਾਇਗੀ ਦਿੱਤੀ । ਨਲਿਨ ਅਚਾਰੀਆ ਅਜਿਹਾ ਨਾਂਅ ਹੈ ਜਿਹੜਾ ਪੰਜਾਬ ਹਰਿਆਣਾ, ਹਿਮਾਚਲ ਅਤੇ ਚੰਡੀਗੜ ਵਿੱਚ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਦਾ ਮਾਲਕ ਰਿਹਾ ਹੈ । ਚੰਡੀਗੜ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਉਸ ਦੇ ਮਲੂਕੜੇ ਜਿਹੇ ਬੇਟੇ ਸੌਰਭ ਅਚਾਰੀਆ ਨੇ ਆਪਣੇ ਬਾਪ ਦੀ ਚਿਤਾ ਨੂੰ ਅੱਗ ਵਿਖਾਈ ਤਾਂ ਇੰਝ ਲੱਗਾ ਕਿ ਇਸ ਖ਼ਿੱਤੇ ਦੀ ਪੱਤਰਕਾਰੀ ਦਾ ਹੱਸਮੁੱਖ ਚਿਹਰਾ ਇਸ ਤਰ੍ਹਾਂ ਅਛੋਪਲੇ ਜਿਹੇ ਸਦਾ ਲਈ ਤੁਰ ਜਾਵੇਗਾ, ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ! ਮੈਂ ਆਪਣੀ ਦਹਾਕਿਆਂ ਦੀ ਪੱਤਰਕਾਰੀ ਵਿੱਚ ਕਿਸੇ ਪੱਤਰਕਾਰ ਨੂੰ ਅੰਤਿਮ ਵਿਦਾਇਗੀ ਵਿੱਚ ਪਹਿਲੀ ਵਾਰ ਐਨੀ ਵੱਡੀ ਗਿਣਤੀ ਉਸ ਦੇ ਪ੍ਰਸ਼ੰਸਕਾਂ ਅਤੇ ਸਨੇਹੀਆਂ ਨੂੰ ਵੇਖਿਆ ।
ਬਹੁਤ ਵੱਡੇ ਮੀਡੀਆ ਗਰੁਪਾਂ ਵਿੱਚ ਕੰਮ ਕਰਕੇ ਵੀ ਪਹਿਚਾਣ ਬਨਾਉਣੀ ਸੌਖੀ ਨਹੀਂ ਹੁੰਦੀ ਪਰ ਫਿਰ ਵੀ ਇਕ ਪਲੇਟਫਾਰਮ ਦਾ ਆਪਣਾ ਰੁਤਬਾ ਹੁੰਦਾ ਹੈ । ਪਰ ਨਲਿਨ ਨੇ ਆਪਣੇ ਬਾਪ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਛੋਟੇ ਅਖ਼ਬਾਰ ਦੀ ਪੱਤਰਕਾਰੀ ਸੰਭਾਲਣ ਨੂੰ ਪਹਿਲ ਦਿੱਤੀ ਪਰ ਅਜਿਹੀਆਂ ਪੈੜਾਂ ਪਾਈਆਂ ਕਿ ਪੱਥਰਾਂ ਦੇ ਸ਼ਹਿਰ ਦੀ ਪੱਤਰਕਾਰੀ ਵਿੱਚ ਨਾਂ ਉਕਰਿਆ ਗਿਆ । ਉਹ
ਦੱਸ ਗਿਆ ਕਿ ਛੋਟੇ ਬੈਨਰ ਨਾਲ ਕੰਮ ਕਰਦਿਆਂ ਵੀ ਨਾਂ ਵੱਡਾ ਕਮਾਇਆ ਜਾ ਸਕਦਾ ਹੈ । ਉਹ ਦੱਸ ਗਿਆ ਕਿ ਛੋਟੇ ਮੀਡੀਆ ਗਰੁੱਪ ਵਿੱਚ ਕੰਮ ਕਰਕੇ ਵੀ ਦੇਸ਼ ਦੇ ਬੇਹਤਰੀਨ ਪ੍ਰੈਸ ਕਲੱਬ ਚੰਡੀਗੜ ਦਾ ਪ੍ਰਧਾਨ ਬਣਿਆ ਜਾ ਸਕਦਾ ਹੈ । ਉਹ ਪ੍ਰੈਸ ਕਲੱਬ ਦੇ ਵੱਖ ਵੱਖ ਅਹੁਦਿਆਂ ਉਤੇ ਤਾਂ ਰਹੇ ਹੀ ਪਰ ਦੋ ਵਾਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ ।ਉਨਾਂ ਦੀ ਅੰਤਿਮ ਯਾਤਰਾ ਵਿੱਚ ਕਾਂਗਰਸ ਦੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਪਵਨ ਬਾਂਸਲ , ਸਾਬਕਾ ਪਾਰਲੀਮੈਂਟ ਮੈਂਬਰ ਅਤੇ ਉੱਘੇ ਕੌਮੀ ਕਾਨੂੰਨਦਾਨ ਸੱਤਪਾਲ ਜੈਨ, ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ, ਮੁੱਖ ਮੰਤਰੀ ਮਾਨ ਦੇ ਮੀਡੀਆ ਸਲਾਹਕਾਰ(ਓ ਐਸ ਡੀ) ਅਮਨਜੋਤ ਸਿੰਘ ਅਤੇ ਚੰਡੀਗੜ ਨਗਰ ਕੌਂਸਲ ਦੇ ਕਈ ਸਾਬਕਾ ਮੇਅਰ ਅਤੇ ਮੈਂਬਰ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ । ਚੰਡੀਗੜ ਦੇ ਸੀਨੀਅਰ ਭਾਜਪਾ ਨੇਤਾ ਅਤੇ ਪੰਜਾਬ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ, ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਇੰਚਾਰਜ ਰਜੇਦੀਪ ਨੇ ਵੀ ਨੁਮਾਇੰਦਗੀ ਕੀਤੀ ।
ਚੰਡੀਗੜ ਪ੍ਰੈਸ ਕਲੱਬ ਦੇ ਫਾਊਂਡਰ ਮੈਂਬਰ ਅਤੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਸਮੇਤ ਕਈ ਸਤਿਕਾਰਯੋਗ ਸੀਨੀਅਰ ਪੱਤਰਕਾਰ ਇਸ ਮੌਕੇ ਸ਼ਾਮਲ ਸਨ। ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਸਮੇਤ ਸੰਪਾਦਕੀ ਭਾਈਚਾਰਾ ਵੀ ਆਪਣੀ ਭਾਵਨਾ ਦਾ ਪ੍ਰਗਟਾਵਾ ਕਰ ਰਿਹਾ ਸੀ ।ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨਾ ਵਲੇ ਆਪਣੇ ਸਾਥੀ ਦੇ ਸਦੀਵੀ ਵਿਛੋੜੇ ਦਾ ਦਰਦ ਸਾਂਝਾ ਕੀਤਾ ਗਿਆ । ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁਗਲ ਵੱਲੋਂ ਨਲਿਨ ਦੀ ਦੇਹ ਉਤੇ ਰੀਥ ਰੱਖਕੇ ਸਨਮਾਨ ਦਿੱਤਾ ਗਿਆ! ਸੀਨੀਅਰ ਜਰਨਲਿਸਟਸ ਫੋਰਮ ਵਲੋਂ ਰੀਥ ਰੱਖਕੇ ਆਪਣੇ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ!